ਧੰਨੁ ਧੰਨੁ ਰਾਮਦਾਸ ਗੁਰੁ

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਧੰਨੁ ਧੰਨੁ ਰਾਮਦਾਸ ਗੁਰੁ

ਜਿਨਿ ਸਿਰਿਆ ਤਿਨੈ ਸਵਾਰਿਆ

ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ- ਬਹੁਤ ਵਧਾਈ ਹੋਵੇ। ਅੱਜ ਸਾਰੇ ਸੰਸਾਰ ਵਿਚ ਸਿੱਖ ਜਗਤ ਵਲੋਂ ਗੁਰੂ ਜੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਆਪ ਜੀ ਦੀ ਦੇ ਪਿਤਾ ਦਾ ਨਾਂ ਹਰਿਦਾਸ ਅਤੇ ਮਾਤਾ ਦਾ ਨਾਂ ਦਇਆ ਕੌਰ ਹੈ। ਆਪ ਜੀ ਦਾ ਜਨਮ ਚੂਨਾ ਮੰਡੀ,  ਲਾਹੌਰ ਵਿਖੇ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਭਾਈ ਜੇਠਾ ਜੀ ਸੀ। ਮਾਤਾ-ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਣ ਕਾਰਣ ਆਪ ਜੀ ਆਪਣੇ ਨਾਨਕੇ ਪਿੰਡ ਬਾਸਰਕੇ, ਜਿਲ੍ਹਾ ਅੰਮ੍ਰਿਤਸਰ ਆ ਗਏ ਸਨ। ਯਤੀਮ ਭਾਈ ਜੇਠਾ ਜੀ ਨਾਨਕੇ ਪਿੰਡ ਦੀ ਸੰਗਤ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ,  ਨਿਆਸਰਿਆਂ ਦੇ ਆਸਰੇ ਤੀਸਰੇ ਗੁਰੂ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਅਤੇ ਆਪਣੀ ਸੁਪਤਨੀ (ਗੁਰੂ ਕੇ ਮਹਿਲ)  ਦੀ ਇੱਛਾ ਅਨੁਸਾਰ ਜਿਵੇਂ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਅਨੰਦ ਕਾਰਜ ਕੀਤਾ ਸੀ ਉਸ ਘਟਨਾ ਨੂੰ ਮਹਾਨ ਕਵੀ ਡਾ. ਹਰੀ ਸਿੰਘ ਜਾਚਕ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:-

ਕਿਹਾ ਗੁਰੂ ਕੇ ਮਹਿਲਾਂ ਨੇ ਪਾਤਸ਼ਾਹ ਨੂੰ, ਭਾਨੀ ਲਈ ਇਕ ਵਰ ਹਜ਼ੂਰ ਤੱਕਿਐ।

ਔਹ ਜੋ ਘੁੰਗਣੀਆਂ ਵੇਚਦਾ ਜਾ ਰਿਹਾ ਏ, ਉਹਨੂੰ ਗੁਣਾਂ ਦੇ ਨਾਲ ਭਰਪੂਰ ਤੱਕਿਐ।

ਤੀਜੇ ਗੁਰਾਂ ਨੇ ਆਖਿਆ ਹਾਂ ਮੈਂ ਵੀਂ, ਜੇਠੇ ਵਿਚ ਇਲਾਹੀ ਕੋਈ ਨੂਰ ਤੱਕਿਐ।

ਇਹੋ ਜਿਹਾ ਤੇ ਇਹੋ ਹੀ ਹੋ ਸਕਦੈ, ਤੂੰ ਜੋ ਤੱਕਿਆ, ਕੋਹਿਨੂਰ ਤੱਕਿਐ।

ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਸਿੱਖ ਪੰਥ ਦੇ ਪ੍ਰਚਾਰ ਦਾ ਇਕ ਵੱਡਾ ਸਥਾਨ ਉਸਾਰਨ ਦੀ ਜਿੰਮੇਵਾਰੀ ਦੇ ਕੇ ਸ੍ਰੀ ਅੰਮ੍ਰਿਤਸਰ ਵਾਲੇ ਸਥਾਨ ‘ਤੇ ਭੇਜ ਦਿੱਤਾ ਸੀ। ਉਥੇ ਜਾ ਕੇ ਉਹਨਾਂ ਨੇ ਇਕ ਨਵਾਂ ਨਗਰ ਵਸਾਇਆ ਤੇ ਉਸਦਾ ਨਾਂਗੁਰੂ ਕਾ ਚੱਕ ਰੱਖ ਦਿੱਤਾ।

ਉਸ ਤੋਂ ਬਾਅਦ ਗੁਰੂ ਜੀ ਨੇ ਸਰੋਵਰ ਦੀ ਉਸਾਰੀ ਆਰੰਭ ਕਰਵਾ ਦਿੱਤੀ। ਇਸ ਦੇ ਨਾਲ ਹੀ ਗੁਰੂ ਜੀ ਨੇ ਵੱਖ-ਵੱਖ ਕੰਮਾਂ-ਕਾਰਾਂ ਨਾਲ ਸੰਬੰਧਿਤ ਕਾਰੋਬਾਰ ਸਥਾਪਤ ਕਰਦਿਆਂ ਉੱਤਰੀ ਭਾਰਤ ਵਿਚ ਵਪਾਰ ਦਾ ਇਕ ਵੱਡਾ ਕੇਂਦਰ ਸਥਾਪਤ ਕਰ ਦਿੱਤਾ। ਇਸ ਦਾ ਨਾਂਗੁਰੂ ਕਾ ਬਾਜਾਰ ਰੱਖ ਦਿੱਤਾ। ਜੋ ਅੱਜ ਵੀ ਗੁਰੂ ਦੀ ਯਾਦ ਵਿਚ ਮੌਜੂਦ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇਸ ਨਗਰ ਦਾ ਨਾਂ ਪਹਿਲਾ ਚੱਕ ਗੁਰੂ ਰਾਮਦਾਸ ਅਤੇ ਫਿਰ ਸਦਾ ਲਈ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਸੰਸਾਰ ਭਰ ਵਿਚ ਮਸ਼ਹੂਰ ਹੋ ਗਿਆ। ਇਸੇ ਸਮੇਂ ਦੌਰਾਨ ਹੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਸਰੋਵਰ ਦੀ ਕਾਰ-ਸੇਵਾ ਸੰਪੂਰਨ ਕਰਵਾਈ। ਗੁਰੂ ਅਮਰਦਾਸ ਜੀ ਦੇ ਭਾਦੋਂ ਦੀ ਪੂਰਨਮਾਸ਼ੀ 1631 ਬਿ. ਮੁਤਾਬਕ 1574 ਈ. ਵਿਚ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਰਾਮਦਾਸ ਜੀ ਗੁਰਿਆਈ ਧਾਰਨ ਕਰਕੇ ਸਦਾ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਬਣ ਗਏ। ਇਥੇ ਆ ਕੇ ਗੁਰੂ ਜੀ ਨੇ ਮਸੰਦ ਪ੍ਰਥਾ ਸਥਾਪਤ ਕੀਤੀ। ਇਸ ਪ੍ਰਥਾ ਨਾਲ ਸੰਸਾਰ ਭਰ ਦੇ ਸਿੱਖ ਆਪਣੇ ਕੇਂਦਰੀ ਸਥਾਨ ਸ੍ਰੀ ਅੰਮ੍ਰਿਤਸਰ ਨਾਲ ਜੁੜ ਗਏ ਸਨ। ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਦੂਰ ਦੁਰੇਡੇ ਦੇ ਸਿੱਖ ਗੁਰੂ ਘਰ ਆਪਣੀਆਂ ਭੇਟਾਵਾਂ ਪਹੁੰਚਾਉਣ ਵਿਚ ਅਸਮਰਥ ਸਨ। ਗੁਰੂ ਜੀ ਦੇ ਥਾਪੇ ਹੋਏ ਮਸੰਦ ਦਿਵਾਲੀ ਅਤੇ ਵਿਸਾਖੀ ਦੇ ਮੌਕੇ  ‘ਤੇ ਸੰਗਤਾਂ ਦੀਆਂ ਭੇਟਾਵਾਂ ਗੁਰੂ ਘਰ ਪਹੁੰਚਾਉਂਦੇ ਸਨ ਅਤੇ ਗੁਰੂ ਜੀ ਦੇ ਦੱਸੇ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ।

ਭਾਈ ਜੇਠਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਣ ਕਰ ਦਿੱਤਾ। ਗੁਰਿਆਈ ਧਾਰਨ ਕਰਨ ਤੋਂ ਪਹਿਲਾਂ ਭਾਈ ਜੇਠਾ ਜੀ ਨੇ ਦਿਨ-ਰਾਤ ਸੇਵਾ ਸਿਮਰਨ ਵਿਚ ਬਤੀਤ ਕੀਤਾ। ਗੁਰੂ ਜੀ ਨੂੰ ਆਪਾ ਸਮਰਪਣ ਕਰਕੇ ਸੇਵਾ ਸਿਮਰਨ ਅਤੇ ਹੁਕਮ ਮੰਨਣ ਦੀ ਸਿਖਰ ਤੱਕ ਪਹੁੰਚ ਕੇ ਗੁਰੂ ਨਾਲ ਅਭੇਦਤਾ ਪ੍ਰਾਪਤ ਕੀਤੀ। ਇਕ ਅਨਾਥ ਬਾਲਕ ਗੁਰੂ ਘਰ ਵਿਚ ਸੇਵਾ ਸਿਮਰਨ ਕਰਕੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਬਣਗਿਆ। ਕਿਸੇ ਸਮੇਂ ਜੋ ਆਪ ਰੋਟੀ ਤੋਂ ਮੁਥਾਜ ਸੀ ਅੱਜ ਉਸ ਦੇ ਲੰਗਰਾਂ ‘ਚੋਂ ਬਿਨਾਂ ਕਿਸੇ ਭੇਦ-ਭਾਵ ਦੇ ਅਣਗਿਣਤ ਸੰਗਤਾਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀਆਂ ਹਨ। ਅਜਿਹਾ ਸਮਰੱਥ ਗੁਰੂ ਜੋ ਗੁਣਾਂ ਨਾਲ ਭਰਪੂਰ ਦਵੈਸ਼ ਤੋਂ ਰਹਿਤ ਸਮਦ੍ਰਿਸ਼ਟਾ ਹੈ। ਉਸਦੇ ਗੁਣਾਂ ਦਾ ਥਾਹ ਨਹੀਂ ਪਾਇਆ ਜਾ ਸਕਦਾ। ਉਸਦਾ ਸਿਮਰਨ ਕਰਕੇ ਆਤਮਿਕ ਤ੍ਰਿਪਤੀ ਹੁੰਦੀ ਹੈ। ਜਿਵੇਂ ਕਿ ਸਰੀਰ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਆਤਮਾ ਦੀ ਖੁਰਾਕ ਪ੍ਰਮਾਤਮਾ ਦਾ ਸਿਮਰਨ ਹੈ। ਸਿਮਰਨ ਕਰਨ ਨਾਲ ਆਤਮਾ ਬਲਬਾਨ ਹੁੰਦੀ ਹੈ। ਆਪ ਜੀ ਲੋਕ ਪ੍ਰਲੋਕ ਦੀਆਂ ਦਾਤਾਂ ਪ੍ਰਾਪਤ ਕਰਕੇ ਵੀ ਅੱਤ ਨਿਮਰਤਾ ਵਿਰ ਰਹੇ, ਆਪ ਖਿਮਾ ਅਤੇ ਧੀਰਜ ਦੀ ਵਡੀ ਮਿਸਾਲ ਸਨ। ਉਹਨਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਪਹਿਲਾ ਆਪ ਉਸਨੂੰ ਆਪਣੇ ਜੀਵਨ ਵਿਚ ਅਪਣਾਇਆ। ਆਪ ਜੀ ਨੇ ਗੁਰੂ ਮਹਿਮਾ ਵਿਚ ਸ਼ਬਦ ਉਚਾਰਨ ਕੀਤਾ:-

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥

ਗੁਰੂ ਘਰ ਦੇ ਕੀਰਤਨੀਏ ਸਤਾ ਅਤੇ ਬਲਵੰਡ ਜੀ ਨੇ ਰਾਮਕਲੀ ਕੀ ਵਾਰ ਵਿਚ ਅਤੇ ਭਟਾ ਦੇ ਸ੍ਵੈਯਾ ਵਿਚ ਭਟ ਕਲ੍ਹ ਅਤੇ ਕੀਰਤ ਜੀ ਨੇ ਗੁਰੂ ਜੀ ਦੀ ਬੇਅੰਤ ਉਸਤਤ ਕੀਤੀ ਹੈ। ਆਪ ਜੀ ਨੇ ਇਕ ਪ੍ਰਮਾਤਮਾ ਦੀ ਟੇਕ, ਇਕ ਦਾ ਸਿਮਰਨ, ਇਕ ਪਾਸੋਂ ਮੰਗਣ ਦੀ ਜਾਂਚ ਸਿਖਾਈ। ਆਤਮਿਕ ਉਚਮਤਾ ਪ੍ਰਾਪਤ ਕਰਨ ਲਈ ਇਕੋ ਗੁਰੂ, ਇਕੋ ਬਾਣੀ ਅਤੇ ਇਕੋ ਹੀ ਸ਼ਬਦ ਦੇ ਧਾਰਨੀ ਬਣਨ ਲਈ ਪ੍ਰੇਰਿਆ। ਅਥਾਹ ਗੁਣਾਂ ਦੇ ਮੁਜੱਸਮੇਂ ਪ੍ਰਮੇਸ਼ਰ ਸਰੂਪ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀ ਆਪਣਾ ਜੀਵਨ ਸਫਲ ਬਣਾਈਏ।

ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ‘ਤੇ ਗੁਰੂ ਦੇ ਚਰਨਾਂ ਤੇ ਨਿਮਰਤਾ ਸਹਿਤ ਅਰਦਾਸ ਕਰੀਏ ਕਿ ਸਾਡੇ ਜੀਵਨ ‘ਚੋਂ ਦਵੈਸ਼ ਮਿਟ ਜਾਵੇ, ਨਿਮਰਤਾ, ਮਿਠਾਸ ਦਾ ਵਾਸਾ ਹੋਵੇ ਅਤੇ ਅਸੀਂ ਵੀ ਸੇਵਾ ਸਿਮਰਨ ਕਰਕੇ ਮਨ ਨੀਵਾਂ ਅਤੇ ਮੱਤ ਉੱਚੀ ਦੇ ਧਾਰਨੀ ਬਣ ਸਕੀਏ।

ਡਾ. ਜਸਵਿੰਦਰ ਕੌਰ                                                                                  ਡਾ. ਕਰਮਬੀਰ ਸਿੰਘ

ਕਨਵੀਨਰ (ਗੁਰਮਤਿ ਕਮੇਟੀ)                                                                               ਪ੍ਰਿੰਸੀਪਲ

                                                                                      ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।

Leave a Reply

Your email address will not be published. Required fields are marked *