ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ

ਅੱਜ ਸਿੱਖ ਜਗਤ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਜਨਮ ਦਿਨ ਮਨਾ ਰਿਹਾ ਹੈ। ਗੁਰੂ ਮੇਹਰ ਸਦਕਾ ਉਸ ਨੇ ਅਜਿਹਾ ਆਦਰਸ਼ਕ ਜੀਵਨ ਜੀਵਿਆ ਕਿ ਉਹ ਸਿੱਖਾਂ ਲਈ ਪ੍ਰੇਰਨਾ ਸ੍ਰੋਤ ਬਣ ਗਿਆ। ਆਓ ਅੱਜਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਦੀ ਗਾਥਾ ਗਾ ਸੁਣ ਕੇ ਆਪਣੇ ਆਪ ਨੂੰ ਵਡਭਾਗੀ ਬਣਾਈਏ।

ਬਾਬਾ ਬੰਦਾ ਸਿੰਘ ਬਹਾਦਰਇਕ ਅਜਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਸਿੱਖ ਸੀ ਜੋ ਸਭ ਤੋਂ ਬਾਅਦ ਵਿਚ ਗੁਰੂ ਜੀ ਦੇ ਸੰਪਰਕ ਵਿਚ ਆਇਆ ਅਤੇ ਜਿਸ ਨੂੰ ਬਹੁਤ ਘੱਟ ਸਮਾਂ ਗੁਰੂ ਜੀ ਦੀ ਸੰਗਤ ਕਰਨ ਦਾ ਸੁਭਾਗ ਮਿਲਿਆਪਰ ਇਹ ਉਸ ਦੇ ਕੋਈ ਪੂਰਬਲੇ ਕਰਮਾ ਦਾ ਕਰਮ ਸੀ ਅਤੇ ਗੁਰੂ ਦੀ ਅਥਾਹ ਬਖ਼ਸ਼ਿਸ਼ ਦਾ ਪ੍ਰਤਾਪ ਸੀ ਕਿ ਉਹ ਇਕ ਦਮ ਗੁਰੂ ਜੀ ਦਾ ਅਨਿੰਨ ਸਿੱਖ ਬਣ ਗਿਆ। ਉਹ ਗੁਰੂ ਕਾ ਬੰਦਾ ਅਖਵਾ ਕੇ ਗੁਰੂ ਦੀ ਬਖ਼ਸ਼ਿਸ਼ ਨਾਲ ਸ਼ਰਸ਼ਾਰ ਹੋਇਆ ਮਹਿਸੂਸ ਕਰਦਾ ਸੀ। ਗੁਰੂ ਦੇ ਇਕ ਥਾਪੜੇ ਨੇ ਉਸ ਨੂੰ ਤ੍ਰੈ-ਕਾਲ ਦੀ ਸੋਝੀ ਕਰਵਾ ਦਿੱਤੀ ਸੀ। ਉਸ ਦੇ ਅੰਦਰ ਗੁਰੂ ਪਰਿਵਾਰ ਅਤੇ ਖਾਲਸਾ ਪੰਥ ‘ਤੇ ਹੋਏ ਅਥਾਹ ਜ਼ੁਲਮਾਂ ਦਾ ਸਾਕਾ ਸੁਣ ਕੇ ਜੋਸ਼ ਦੇ ਭਾਂਬੜ ਬਲ ਉੱਠੇ ਸਨ।  ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜ਼ੁਲਮੀ ਰਾਜ ਨੂੰ ਤਹਿਸ-ਨਹਿਸ ਕਰਕੇ ਹਲੇਮੀ ਰਾਜ ਸਥਾਪਤ ਕਰਨ ਦਾ ਦ੍ਰਿੜ ਸੰਕਲਪ ਹਿਰਦੇ ਵਿਚ ਧਾਰਨ ਕਰ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਗੱਲ ਬਹੁਤ ਮਹੱਤਵਪੂਰਨ ਤੌਰ ‘ਤੇ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਹਰ ਕੰਮ ਕਰਨ ਲੱਗਿਆ ਉਸ ਸਿਖਰ ਨੂੰ ਛੋਹਿਆ ਜਿਸ ਨੂੰਨਾਪਿਆ ਤਾਂ ਨਹੀਂ ਜਾ ਸਕਦਾ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ ਇਕ ਨਿਸ਼ਾਨੇਬਾਜ਼ ਹੋ ਕੇ ਸ਼ਿਕਾਰ ਖੇਡਣਾ ਤੇ ਗਰਭਵਤੀ ਹਿਰਨੀ ਨੂੰ ਮਾਰਨ ਤੋਂ ਬਾਅਦ ਵੈਰਾਗ ਦੀ ਨਦੀ ਵਿਚਅਜਿਹਾ ਵਹਿਣਾ ਕਿ ਉਸ ਨੇ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਹੋ ਕੇ ਵੀ ਦੁਬਾਰਾ ਸ਼ਿਕਾਰ ਨਹੀਂ ਖੇਡਿਆ ਭਾਵੇਂ ਕਿ ਉਸ ਸਮੇਂ ਸ਼ਿਕਾਰ ਖੇਡਣਾ ਬਾਦਸ਼ਾਹਾਂ ਦੇ ਕਰਤੱਵਾਂ ਵਿਚੋਂ ਇਕ ਕਰਤੱਵ ਸੀ। ਤਾਂਤਰਿਕ ਵਿਦਿਆ ਦੀ ਅਜਿਹੀ ਸਾਧਨਾ ਕੀਤੀ ਕਿ ਬੇਅੰਤ ਸ਼ਕਤੀਆਂ ਪ੍ਰਾਪਤ ਕੀਤੀਆਂ ਪਰ ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਤਾਂ ਗੁਰੂ ਜੀ ਨੂੰ ਅਜਿਹੀ ਸਮਰਪਤਾ ਕੀਤੀ ਕਿ ਗੁਰੂ ਸਾਹਿਬ ਜੀ ਨੇ ਆਪਣੇ ਗਾਤਰੇ ਦੀ ਸਿਰੀ ਸਾਹਿਬ ਬਾਬਾ ਬੰਦਾ ਸਿੰਘ ਨੂੰ ਬਖ਼ਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਪੰਜ ਤੀਰ ਵੀ ਬਖ਼ਸ਼ੇ। ਅਜਿਹੀਆਂ ਬਖ਼ਸ਼ਸ਼ਾਂ ਪ੍ਰਾਪਤ ਕਰਨ ਵਾਲਾ ਬਾਬਾ ਬੰਦਾ ਸਿੰਘ ਸ਼ਾਇਦ ਪਹਿਲਾ ਸਿੱਖ ਸੀ।

ਬਾਬਾ ਜੀ ਦਾ ਜਨਮ ਦੁਨੀਆਂ ਦੀ ਜੰਨਤ ਸਮਝੀ ਜਾਂਦੀ ਧਰਤੀ ਕਸ਼ਮੀਰ ਦੇ ਇਲਾਕੇ ਪੁਣਛ ਦੇ ਰਾਜੌੜੀ ਪਿੰਡ ਵਿਚ 16 ਅਕਤੂਬਰ 1670 ਈ. ਨੂੰ ਪਿਤਾ ਰਾਮ ਦੇਵ ਦੇ ਘਰ ਹੋਇਆ। ਸਾਰੇ ਭਾਰਤ ਵਰਸ਼ ਦਾ ਭਰਮਣ ਕਰਦਿਆਂ ਦੱਖਣ ਵਿਚ ਜਾ ਕੇ ਗੋਦਾਵਰੀ ਨਦੀ ਦੇ ਕੰਢੇ ‘ਤੇ ਆਸਣ ਲਾਇਆ। ਇਸ ਸਮੇਂ ਦੌਰਾਨ ਬੇਅੰਤ ਮਤਾਂ-ਮਤਾਂਤਰਾਂ ਦੇ ਸਾਧੂਆਂ ਦੀ ਸੰਗਤ ਕੀਤੀ। ਪਰ ਮੁਕਤੀ ਦਾ ਦਾਤਾ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਮਝਿਆ। ਗੁਰੂ ‘ਤੇ ਅਜਿਹਾ ਅਥਾਹ ਭਰੋਸਾ ਰੱਖਿਆ ਕਿ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਦੇ ਹੁਕਮ ਅਨੁਸਾਰ ਭਾਰਤ ਦੀ ਜ਼ੁਲਮੀ ਸਲਤਨਤ ਨਾਲ ਟੱਕਰ ਲੈਣ ਲਈ ਤੁਰ ਪਿਆ। ਉਸ ਦੇ ਇਸ ਅਥਾਹ ਭਰੋਸੇ ਦਾ ਸਿੱਖਰ ਹੀ ਸੀ ਕਿ ਉਸ ਨੇ ਕੇਵਲ ਸਰਹਿੰਦ ਆ ਕੇ ਜ਼ੁਲਮੀ ਰਾਜ ਦੀ ਜੜ੍ਹ ਹੀ ਨਹੀਂ ਪੁੱਟੀ ਸਗੋਂ ਹਲੀਮੀ ਰਾਜ, (ਜਿਸ ਨੂੰ ਪਹਿਲਾ ਸਿੱਖ ਰਾਜ ਕਿਹਾ ਜਾਂਦਾ ਹੈ) 1712 ਈ. ਵਿਚ ਸਥਾਪਤ ਕਰ ਦਿੱਤਾ ਸੀ। ਉਸ ਨੇ ਗੁਰੂ ਪਰਿਵਾਰ ‘ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਤੋਂ ਪਹਿਲਾਂ ਉਹਨਾਂ ਜ਼ਾਲਮਾਂ ਨੂੰ ਸੋਧਿਆ ਸੀ।ਜਿਹਨਾਂ ਨੇ ਮਜ੍ਹਬ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਗੁਰੂ ਨੂੰ ਪਿਆਰ ਕਰਨ ਦੀ ਕੀਮਤ ਆਪਣੀ ਸ਼ਹਾਦਤ ਦੇ ਕੇ ਅਦਾ ਕੀਤੀ ਸੀ।ਇਸ ਮੁਹੱਬਤ ਦੀ ਮੂਰਤ ਦਾ ਨਾਂ ਪੀਰ ਬੁੱਧੂ ਸ਼ਾਹ ਸੀ। ਗੁਰੂ ਕੇ ਬੰਦੇ ਨੇ ਵੀ ਸਭ ਤੋਂ ਪਹਿਲਾਂ ਪੀਰ ਜੀ ‘ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇ ਕੇ ਗੁਰੂ ਜੀ ਅਤੇ ਪੀਰ ਜੀ ਦੀ ਪਾਕ ਮੁਹੱਬਤ ਨੂੰ ਹੋਰ ਗੂੜ੍ਹਾ ਕਰ ਦਿੱਤਾ ਸੀ।

ਗੁਰੂ ਕਾ ਬੰਦਾ ਜ਼ੁਲਮ ਖਿਲਾਫ਼ ਲੜਦਾ, ਧਰਮ ਯੁੱਧ ਕਰਦਾ,  ਮਜ਼ਲੂਮਾਂ ‘ਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਜਾਵਾਂ ਦਿੰਦਾ ਆਖ਼ਰ ਅਜੋਕੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਗੁਰਦਾਸ ਨੰਗਲ ਪਿੰਡ ਦੀ ਕੱਚੀ ਗੜ੍ਹੀ (ਭਾਵ ਛੋਟਾ ਜਿਹਾ ਕੱਚਾ ਕਿਲ੍ਹਾ) ਵਿਚ ਦੁਸ਼ਮਣ ਨਾਲ ਯੁੱਧ ਲੜਨ ਲਈ ਮੋਰਚਾ ਲਾ ਕੇ ਬੈਠ ਗਿਆ। ਦੁਸ਼ਮਣਾਂ ਨੇ ਗੜ੍ਹੀ ਦੁਆਲੇ ਅਜਿਹਾ ਘੇਰਾ ਘੱਤਿਆ ਕਿ ਇਹ ਘੇਰਾ ਸੱਤ-ਅੱਠ ਮਹੀਨੇ ਲੰਮਾ ਹੋ ਗਿਆ। ਸਿੱਖਾਂ ਦੇ ਇਸ ਬਾਦਸ਼ਾਹ ਅਤੇ ਜਰਨੈਲਾਂ ‘ਤੇ ਅਜਿਹੇ ਦਿਨ ਵੀ ਆ ਗਏਜਦੋਂ ਉਹਨਾਂ ਕੋਲ ਛੱਕਣ ਲਈ ਨਾ ਅੰਨ੍ਹ ਬਚਿਆ ਤੇ ਨਾ ਹੀ ਪੀਣ ਲਈ ਪਾਣੀ। ਚਾਰ ਸਾਲ ਦਾ ਮਾਸੂਮ ਬਾਲ ਬਾਬਾ ਅਜੈ ਸਿੰਘ ਵੀ ਇਸ ਮੈਦਾਨੇ ਜੰਗ ਵਿਚ ਡੱਟਿਆ ਹੋਇਆ ਸੀ। ਭਰਾਵਾਂ ਵਰਗੇ ਸੂਰਮੇ ਜਰਨੈਲ ਭਾਈ ਬਾਜ ਸਿੰਘ ਵਰਗੇ ਵੀ ਸਿੰਘ ਨਾਲ ਸਨ। ਜਿਹੜੇ ਦੁਸ਼ਮਣ ਰੂਪੀ ਜ਼ਹਿਰੀਲੇ ਸੱਪਾਂ ਨੂੰ ਅਜਿਹੇ ਢੰਗ ਨਾਲ ਕਾਬੂ ਕਰਦੇ ਸਨ ਕਿ ਉਹ ਆਪਣੇ ਜ਼ਹਿਰੀਲੇ ਡੰਗ ਨਾ ਮਾਰ ਸਕਦੇ। ਅਖੀਰ ਭੁੱਖ ਤ੍ਰੇਹ ਨਾਲ ਨਢਾਲ ਹੋਏ ਬਾਬਾ ਜੀ ਦੀ ਸਾਥੀਆਂ ਸਮੇਤ 1715 ਈ. ਵਿਚ ਗ੍ਰਿਫਤਾਰੀ ਹੋ ਗਈ। ਬਾਬਾ ਜੀ ਦੀ ਇਸ ਗ੍ਰਿਫਤਾਰੀ ਬਾਰੇ ਪੰਥ ਦੇ ਮਹਾਨ ਸ਼ਾਇਰ ਪ੍ਰੀਤਮ ਸਿੰਘ ਕਾਸਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ  ਲਿਖਿਆ ਹੈ:-

ਮੈਂ ਬੰਦਾ, ਦਸ਼ਮੇਸ਼ ਗੁਰੂ ਦਾ, ਕੌਣ ਮੇਰੇ ਵਲ ਨਜ਼ਰ ਉਠਾਏ।

ਐਸਾ ਪੁੱਤ ਕਿਸੀ ਮਾਂ ਨਹੀਂ ਜੰਮਿਆ, ਜੋ ਬੰਦੇ ਨੂੰ ਪਿੰਜਰੇ ਪਾਏ।

ਮੈਂ ਤਾਂ ਆਪ ਸ਼ਹੀਦੀ ਮੰਗੀ, ਖ਼ੁਦ ਪਿੰਜਰੇ ਵਲ ਪੈਰ ਵਧਾਏ।

ਮਤਾਂ ਇਹ ਅਮਰ ਸ਼ਹੀਦੀ ਮੁੜਕੇ, ਮੇਰੇ ਹਿੱਸੇ, ਆਏ ਨਾ ਆਏ।

ਪਰ ਕਾਸਦ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਲ੍ਹਾਭਾਂ ਦਿੰਦਿਆਂ ਲਿਖਿਆ ਹੈ ਕਿ ਸਿੱਖ ਦਿੱਲੀ ਜਾ ਕੇ ਸਾਰੇ ਥਾਂਵਾਂ ‘ਤੇ ਘੁੰਮ ਫਿਰ ਆਉਂਦੇ ਹਨ। ਰਿਸ਼ਤੇਦਾਰਾਂ ਦੇ ਦੁੱਖ-ਸੁੱਖ ਵੀ ਕਰ ਆਉਂਦੇ ਹਨ ਪਰ ਉਹਨਾਂ ਨੂੰ ਕਦੇ ਵੀ ਦਿੱਲੀ ਜਾ ਕੇ ਸਿੱਖ ਰਾਜ ਦੇ ਬਾਨੀ ਮਹਾਨ ਤੇ ਆਦਰਸ਼ਕ ਸਿੱਖ ਗੁਰੂ ਕੇ ਬੰਦੇ ਅਤੇ ਬਾਕੀ ਸਿੱਖਾਂ ਦੀ ਸ਼ਹਾਦਤ ਗਾਹ ਦਾ ਚੇਤਾ ਨਹੀਂ ਆਉਂਦਾ। ਉਹਨਾਂ ਦੇ ਮਨ ਵਿਚ ਇਹ ਵਿਚਾਰ ਬਹੁਤ ਘੱਟ ਆਉਂਦਾ ਹੈ ਕਿ ਅਸੀਂ ਉਸ ਥਾਂ ‘ਤੇ ਜਾ ਕੇ ਸਿੱਜਦਾ ਕਰਕੇ ਆਈਏ ਜਿਥੇ ਗੁਰੂ ਕੇ ਬੰਦੇ , ਗੁਰੂ ਕੇ ਸਿੱਖਾਂ ਭਾਵ ਜੋ ਬੰਦਾ ਸਿੰਘ ਦੀ ਫੌਜ ਦੇ ਜਰਨੈਲ ਸਨ, ਸਿੱਖ ਪੰਥ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਬਾ ਬੰਦਾ ਸਿੰਘ ਦਾ ਲਖ਼ਤੇ ਜ਼ਿਗਰਦੀ ਸ਼ਹਾਦਤ ਹੋਈ ਸੀ, ਜਿਥੇ ਸੱਤ ਦਿਨ ਲਗਾਤਾਰ ਰੋਜ਼ਾਨਾਂ 100-100 ਸਿੱਖ ਦਾ ਕਤਲ ਕੀਤਾ ਜਾਂਦਾ ਸੀ, ਜਿਥੇ ਬਾਬੇ ਦੇ ਗਲ ਵਿਚ ਉਹਦੇ ਸਪੁੱਤਰ ਦੀਆਂ ਆਂਦਰਾਂ ਦਾ ਹਾਰ ਪਾਇਆ ਗਿਆ ਸੀ, ਜਿਥੇ ਉਹਦੇ ਮੂੰਹ ਵਿਚ ਉਸ ਦੇ ਮਾਸੂਮ ਬੱਚੇ ਦਾ ਦਿੱਲ ਕੱਢ ਕੇ ਪਾਇਆ ਗਿਆ ਸੀ, ਸਿੱਖ ਇਸ ਥਾਂ ‘ਤੇ ਬਹੁਤ ਘੱਟ ਜਾਂਦੇ ਹਨ। ਕਾਸਦ ਸਾਹਿਬ ਲਿਖਦੇ ਹਨ ਕਿ ਸਿੱਖੋ ਤੁਹਾਨੂੰ ਬਾਬਾ ਬੰਦਾ ਸਿੰਘ, ਉਸਦੇ ਸਪੁੱਤਰ ਅਤੇ ਉਸ ਦੇ ਸਾਥੀਆਂ ਦੀ ਮੜ੍ਹੀ ਦੀ ਮਿੱਟੀ ਯਾਦ ਕਰਦੀ ਹੈ ਕਿ ਤੁਸੀਂ ਕਦੀ ਆ ਕੇ ਸਾਨੂੰ ਮਿਲ ਜਾਇਆ ਕਰੋ:-

ਮੈਂ ਇਕ ਉਜੜੀ ਥੇਹ, ਕੱਤਲ-ਗਾਹ, ਸਦੀਆਂ ਤੋਂ ਵੀਰਾਨਾ ਖੜ੍ਹੀ ਹਾਂ।

ਉਂਜ ਤਾਂ ਮੈਂ ਸਿੱਖ ਰਾਜ ਦੇ ਬਾਨੀ, ਬੰਦਾ ਸਿੰਘ ਦੀ ਪਾਕ ਮੜ੍ਹੀ ਹਾਂ।

ਉਹ ਬੰਦਾ ਜ੍ਹਿਨੂੰ ਦਸਮ ਗੁਰੂ ਨੇ ਚਰਨੋਂ ਚੁੱਕ ਸੀਨੇ ਨਾਲ ਲਾਇਆ।

ਸ਼ੋਹਲਾ ਬਣ ਨਾਂਦੇੜ ਤੋਂ ਟੁਰਿਆ ਕਿਆਮਤ ਬਣ ਪੰਜਾਬ ‘ਤੇ ਛਾਇਆ।

ਬੇਸ਼ਕ ਨਾਲ ਜ਼ੰਜੀਰਾਂ ਕੜਿਆ, ਦਿੱਲੀ ਸ਼ਹਿਰ ‘ਚ ਗਿਆ ਘੁਮਾਇਆ।

ਪਰ ਮੁਗਲਾਂ ਦੇ ਦਿਲੋਂ ਨਾ ਲੱਥਾ, ਮਰ ਕੇ ਵੀ ਉਹਦੀ ਤੇਗ ਦਾ ਸਾਇਆ।…

ਐਸੇ ਸ਼ੇਰ ਮਰਦ ਦੀਆਂ ਯਾਦਾਂ ਮੈਂ ਸੀਨੇ ਵਿਚ ਸਾਂਭ ਕੇ ਰੱਖੀਆਂ।…

ਐਸੀ ਲਾਸਾਨੀ ਕੁਰਬਾਨੀ, ਅਜ ਕਿਹੜੇ ਖੂਹ-ਖਾਤੇ ਪੈ ਗਈ।

ਮੈਂ ਤਾਂ ਉਹਦੀ ਸ਼ਹਾਦਤ-ਗਾਹ ਹਾਂ, ਫਿਰ ਕਿਉਂ ਉੱਜੜੀ-ਪੁਜੜੀ ਰਹਿ ਗਈ।

ਕਦੇ ਕਦੇ ਕੋਈ ਫਿਰਦਾ ਤੁਰਦਾ, ਕਾਸਦ ਫੇਰਾ ਪਾ ਜਾਂਦਾ ਏ।

ਉਸ ਬਾਂਕੇ ਜਰਨੈਲ ਦਾ ਨਗਮਾ, ਸੁਣ ਜਾਂਦਾ ਏ, ਗਾ ਜਾਂਦਾ ਹੈ।

ਆਓ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।

                             ਧੰਨਵਾਦ ਸਹਿਤ।

ਡਾ. ਜਸਵਿੰਦਰ ਕੌਰ                                                            ਡਾ. ਕਰਮਬੀਰ ਸਿੰਘ

ਕਨਵੀਨਰ (ਗੁਰਮਤਿ ਕਮੇਟੀ)                                                        ਪ੍ਰਿੰਸੀਪਲ

                                                               ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।

Leave a Reply

Your email address will not be published. Required fields are marked *