ਭਾਈ ਤਾਰੂ ਸਿੰਘ ਦਾ ਸੰਖੇਪ ਜੀਵਨ

ਭਾਈ ਤਾਰੂ ਸਿੰਘ ਦਾ ਸੰਖੇਪ ਜੀਵਨ

ਭਾਈ ਤਾਰੂ ਸਿੰਘ ਦਾ ਜੀਵਨ ਸਿੱਖ ਇਤਿਹਾਸ ਵਿਚ ਆਪਣਾ ਵਿਲੱਖਣ ਅਤੇ ਆਦਰਸ਼ਕ ਸਥਾਨ ਰੱਖਦਾ ਹੈ। ਭਾਈ ਸਾਹਿਬ ਜੀ ਦਾ ਇਸ ਸਾਲ 300 ਸਾਲਾ ਜਨਮ ਦਿਹਾੜਾ ਸੰਸਾਰ ਭਰ ਵਿਚ ਸਿੱਖ ਜਗਤ ਵਲੋਂ ਮਨਾਇਆ ਜਾ ਰਿਹਾ ਹੈ। ਉਹਨਾਂ ਨੂੰ ਦੁਖੀਆਂ ਦੇ ਹਮਦਰਦੀ ਅਤੇ ਧੀਆਂ-ਭੈਣਾਂ ਦੀ ਇਜ਼ਤ ਆਬਰੂ ਦੇ ਰਾਖੇ ਵਜੋਂ ਯਾਦ ਕੀਤਾ ਜਾਂਦਾ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛੱਕਣਾ ਆਦਿ ਗੁਣਾਂ ਨੂੰ ਉਹ ਮਨ,  ਬਚਨ ਅਤੇ ਕਰਮ ਕਰਕੇ ਪ੍ਰਣਾਇਆ ਹੋਇਆ ਸੀ। ਸਰਬਸਾਂਝੀਵਾਲਤਾ ਦਾ ਧਾਰਨੀ ਹੋਣ ਕਰਕੇ ਉਸ ਦਾ ਜੀਵਨ ਪਰਉਪਕਾਰੀ ਸੀ। ਜਿਸ ਕਰਕੇ ਉਸਨੂੰ ਇਹ ਜੀਵਨ ਨਾਲੋਂ ਮਜ਼ਲੂਮ ਦੀ ਇਜ਼ਤ ਦੀ ਰਾਖੀ ਜ਼ਿਆਦਾ ਮੁਲਵਾਨ ਲਗਦੀ ਸੀ।

ਇਸ ਮਹਾਨ ਪਰਉਪਕਾਰੀ ਸੂਰਮੇ ਅਤੇ ਗੁਰੂ ਕੇ ਸਿਦਕੀ ਸਿੱਖ ਦਾ ਜਨਮ 1720 ਈ. ਵਿਚ ਪਿੰਡ ਪੂਹਲੇ ਵਿਖੇ ਪਿਤਾ ਬੁੱਧ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਪਵਿੱਤਰ ਕੁੱਖੋਂ ਹੋਇਆ। ਇਹਨਾਂ ਦੀ ਭੈਣ ਦਾ ਨਾਂ ਬੀਬੀ ਤਾਰੋ ਸੀ।

ਜਿੰਦਗੀ ਵਿਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਪਤੰਗੇ ਲਈ ਸ਼ਮਾਂਦਾਨ ਆਦਰਸ਼ ਅਤੇ ਮੰਜ਼ਿਲ ਬਣ ਜਾਂਦਾ ਹੈ। ਅਜਿਹਾ ਹੀ ਇਕ ਸਮਾਂ ਭਾਈ ਤਾਰੂ ਸਿੰਘ ਤੇ ਆਇਆ। ਜਦੋਂ ਇਕ ਗਰੀਬ ਨਿਮਾਣਾ, ਨਿਤਾਣਾ ਬਜ਼ੁਰਗ ਮੁਸਲਮਾਨ ਰਹੀਮ ਬਖ਼ਸ਼ ਮਾਛੀ ਆਪਣੇ ਦੁੱਖਾਂ ਦੀ ਮਲੱਮ ਲੱਭਦਾ ਰਾਤ ਕੱਟਣ ਲਈ ਭਾਈ ਤਾਰੂ ਸਿੰਘ ਦੇ ਘਰ ਪਹੁੰਚਿਆ। ਉਸ ਬਜ਼ੁਰਗ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਭਾਈ ਸਾਹਿਬ ਨੂੰ ਸੁਣਾਈ ਕਿ ਉਸਦੀ ਸੁੰਦਰ ਜਵਾਨ ਬੇਟੀ ਨੂੰ ਪੱਟੀ ਦਾ ਹਾਕਮ ਜ਼ਾਫ਼ਰ ਬੇਗ ਜਬਰੀ ਚੁੱਕ ਕੇ ਲੈ ਗਿਆ ਹੈ, ਉਸ ਨੇ ਆਪਣੀ ਬੇਟੀ ਦੀ ਇਜ਼ਤ ਆਬਰੂ ਬਚਾਉਣ ਲਈ ਹਰ ਸਰਕਾਰੀ ਅਧਿਕਾਰੀ ਅਤੇ ਰਾਜਸੀ ਨੇਤਾ ਤੱਕ ਪਹੁੰਚ ਕੀਤੀ। ਪਰ ਸਭ ਬੇਅਰਥ ਰਿਹਾ। ਭਾਈ ਸਾਹਿਬ ਦਾ ਹਿਰਦਾ ਉਸ ਬਜ਼ੁਰਗ ਦੀ ਦਰਦ ਭਰੀ ਦਾਸਤਾਨ ਸੁਣ ਕੇ ਪਸੀਜ ਗਿਆ।

ਭਾਈ ਸਾਹਿਬ ਨੇ ਬਜ਼ੁਗਰ ਮੁਸਲਮਾਨ ਨੂੰ ਗਲਵਕੜੀ ਵਿਚ ਲੈ ਕੇ ਕਿਹਾ ਕਿ ਗੁਰੂ ਕਲਗੀਧਰ ਪਿਤਾ ਮਿਹਰ ਕਰੇ, ਬਾਬਾ ਤੇਰੇ ਦੁੱਖਾਂ ‘ਤੇ ਮੈਂ ਮਲੱਮ ਬਣ ਕੇ ਲੱਗਾਂਗਾ। ਭਾਈ ਤਾਰੂ ਸਿੰਘ ਨੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਨਿਮਾਣੇ ਨਿਤਾਣੇ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇਜ਼ਤਾਂ ਲੁੱਟਣ ਵਾਲੇ ਹਾਕਮ ਨੂੰ ਸਜ਼ਾਏ ਮੌਤ ਦਾ ਦੰਡ ਦੇ ਕੇ ਉਸ ਬਜ਼ੁਰਗ ਦੀ ਬੇਟੀ ਨੂੰ ਸੁਰੱਖਿਅਤ ਉਸਦੇ ਹਵਾਲੇ ਕੀਤਾ ਅਤੇ ਉਸਨੂੰ ਕਿਹਾ ਬਾਬਾ ਜਦੋਂ ਤੱਕ ਕਲਗੀਧਰ ਪਿਤਾ ਦੇ ਸਿੱਖ ਇਸ ਧਰਤੀ ‘ਤੇ ਜਿਉਂਦੇ ਰਹਿਣਗੇ ਕੋਈ ਕਿਸੇ ਗਰੀਬ ਦੀ ਕੰਨਿਆਂ ਦੀ ਇਜ਼ਤ ਨਹੀਂ ਲੁੱਟ ਸਕੇਗਾ।

ਅੰਨੇ ਬੋਲੇ ਅਤੇ ਜ਼ਾਲਮ ਅਧਿਕਾਰੀਆਂ ਅਤੇ ਸਰਕਾਰਾਂ ਸਾਹਮਣੇ ਅਜਿਹੇ ਪਰਉਪਕਾਰ ਜ਼ੁਲਮ ਮੰਨੇ ਜਾਂਦੇ ਹਨ। ਭਾਈ ਤਾਰੂ ਸਿੰਘ ਨੂੰ ਸਮੇਂ ਦੀ ਹਕੂਮਤ ਗ੍ਰਿਫਤਾਰ ਕਰਕੇ ਲਾਹੌਰ ਲੈ ਗਈ। ਉਸ ਅੱਗੇ ਇਸਲਾਮ ਦੀ ਸ਼ਰ੍ਹਾਂ ਦੇ ਅਨੁਸਾਰ ਦੋ ਪ੍ਰਸਤਾਵ ਰੱਖੇ ਗਏ। ਮੌਤ ਕਬੂਲ ਕਰੋ ਜਾਂ ਸਿੱਖੀ ਛੱਡ ਕੇ ਇਸਲਾਮ ਕਬੂਲ ਕਰੋ। ਭਾਈ ਤਾਰੂ ਸਿੰਘ ਨੇ ਗੁਰੂ ਕੀ ਸਿੱਖੀ ਨੂੰ ਪਹਿਲ ਦਿੱਤੀ। ਜ਼ਾਲਮਾਂ ਨੇ ਭਾਈ ਸਾਹਿਬ ‘ਤੇ ਬੇਇੰਤਹਾ ਜ਼ੁਲਮ ਕੀਤੇ। ਉਹਨਾਂ ਨੂੰ ਚਰਖੜੀ ‘ਤੇ ਚਾੜਿਆ ਗਿਆ। ਉਹਨਾਂ ਦੀ ਖੋਪਰੀ ਉਤਾਰੀ ਗਈ। ਉਹਨਾਂ ਨੇ ਖੋਪਰੀ ਲਹਾਉਣੀ ਤਾਂ ਮਨਜੂਰ ਕੀਤੀ ਪਰ ਕੇਸਾਂ ਨੂੰ ਆਂਚਨਾ ਆਉਣ ਦਿੱਤਾ। ਭਾਈ ਸਾਹਿਬ ਨੇ 1 ਸਾਵਣ,1802 ਬਿਕਰਮੀ ਮੁਤਾਬਕ 1ਜੁਲਾਈ 1745 ਈ. ਨੂੰ ਲਾਹੌਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੀ। ਭਾਰਤ ਦੇ ਮਹਾਨ ਕਵੀ ਅਤੇ ਰਾਸ਼ਟਰੀ ਗੀਤ ਦੇ ਨਿਰਮਾਤਾ ਰਾਬਿੰਦਰ ਨਾਥ ਟੈਗੋਰ ਨੇ ਭਾਈ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਮੰਗੇ ਨਾਲੋਂ ਵੱਧ ਕਵਿਤਾ ਲਿੱਖੀ।

          ਅੱਗ ਬਬੂਲਾ ਹੋ ਜ਼ਕਰੀਏ ਕਿਹਾ ਅੱਗੋਂ, ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ।

          ਆਹ ਸਿੱਖੀ ਸਰੂਪ ਤਿਆਗ ਦੇ ਸਾਡੇ ਲਈ, ਏਸੇ ਵਿਚ ਏ ਤੇਰਾ ਤੇ ਹੇਤ ਮੇਰਾ।

          ਕਿਹਾ ਸਿੰਘ ਨੇ ਅੱਗੋ ਸੀ ਕੜਕ ਕੇ ਤੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ।

          ਕੱਲੇ ਕੇਸ ਇਹ ਕਤਲ ਨਹੀ ਹੋ ਸਕਦੇ, ਲਾਹ ਲੈ ਖੋਪੜ ਤੂੰ ਕੇਸਾਂ ਸਮੇਤ ਮੇਰਾ।

          ਕੇਸਗੜ੍ਹ ਤੋਂ ਪਾਵਨ ਜੋ ਕੇਸ ਬਖਸ਼ੇ, ਉਹਨਾਂ ਉਤੇ ਦੁਸ਼ਮਣ ਦੀ ਅੱਖ ਦਾਤਾ।

          ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਿਗੁਰ, ਜਿਉਂਦੇ ਜੀਅ ਨਾ ਹੋਣ ਇਹ ਵੱਖ ਦਾਤਾ।

 

ਆਓ ਭਾਈ ਤਾਰੂ ਸਿੰਘ ਦੇ ਆਦਰਸ਼ਕ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਮਜ਼ਲੂਮਾਂ,  ਦੁਖੀਆਂ ਦੀ ਸੇਵਾ ਕਰਕੇ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦਾ ਪ੍ਰਣ ਕਰੀਏ।

                             ਧੰਨਵਾਦ ਸਹਿਤ।

ਡਾ. ਜਸਵਿੰਦਰ ਕੌਰ                                                            ਡਾ. ਕਰਮਬੀਰ ਸਿੰਘ

ਕਨਵੀਨਰ (ਗੁਰਮਤਿ ਕਮੇਟੀ)                                                        ਪ੍ਰਿੰਸੀਪਲ

                                                               ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੁਹਾਲੀ।

Leave a Reply

Your email address will not be published. Required fields are marked *